ਨਿਊਜ਼ੀਲੈਂਡ ਖਿਲਾਫ ਆਗਾਮੀ ਸੀਰੀਜ਼ ਲਈ ਭਾਰਤ ਦੀ ਟੈਸਟ ਟੀਮ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਗਿਆ। ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ 25 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਟੀਮ ਦੀ ਚੋਣ ਕੀਤੀ ਹੈ।
ਨਵੇਂ ਨਿਯੁਕਤ ਟੀ-20 ਕਪਤਾਨ ਅਤੇ ਨਿਯਮਤ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ, ਵਿਕਟਕੀਪਰ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਬੀ ਸੀ ਸੀ ਆਈ ਦੀ ਵਰਕਲੋਡ ਪ੍ਰਬੰਧਨ ਨੀਤੀ ਦੇ ਹਿੱਸੇ ਵਜੋਂ ਆਰਾਮ ਦਿੱਤਾ ਗਿਆ ਹੈ।
ਬੀ ਸੀ ਸੀ ਆਈ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਵਿਰਾਟ ਕੋਹਲੀ ਦੂਜੇ ਟੈਸਟ ਲਈ ਟੀਮ ਵਿੱਚ ਸ਼ਾਮਲ ਹੋਣਗੇ ਅਤੇ ਟੀਮ ਦੀ ਅਗਵਾਈ ਕਰਨਗੇ। ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਆਫ ਸਪਿਨਰ ਜਯੰਤ ਯਾਦਵ ਦੇ ਨਾਲ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ।
ਭਾਰਤ ਨਿਊਜ਼ੀਲੈਂਡ ਨਾਲ ਤਿੰਨ ਟੀ-20 (17, 19 ਅਤੇ 21 ਨਵੰਬਰ) ਅਤੇ ਦੋ ਟੈਸਟ (25-29 ਨਵੰਬਰ ਅਤੇ 3-7 ਦਸੰਬਰ) ਵਿੱਚ ਖੇਡੇਗਾ। ਪਹਿਲਾ ਟੈਸਟ ਕਾਨਪੁਰ ‘ਚ ਅਤੇ ਦੂਜਾ ਮੁੰਬਈ ‘ਚ ਖੇਡਿਆ ਜਾਵੇਗਾ।
ਨਿਊਜ਼ੀਲੈਂਡ ਸੀਰੀਜ਼ ਲਈ ਭਾਰਤ ਦੀ ਟੈਸਟ ਟੀਮ: ਅਜਿੰਕਿਆ ਰਹਾਣੇ (ਕਪਤਾਨ ), ਕੇਐਲ ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ (ਉੱਪ ਕਪਤਾਨ ), ਸ਼ੁਭਮਨ ਗਿੱਲ, ਐਸ ਅਈਅਰ, ਰਿਦੀਮਾਨ ਸਾਹਾ (ਵਿਕਟ ਕੀਪਰ ), ਕੇਐਸ ਭਾਰਤ (ਵਿਕਟ ਕੀਪਰ), ਰਵਿੰਦਰ ਜਡੇਜਾ, ਆਰ. ਅਸ਼ਵਿਨ, ਅਕਸ਼ਰ ਪਟੇਲ, ਜੇ ਯਾਦਵ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿਧ ਕ੍ਰਿਸ਼ਨ।