ਮੀਂਹ ਨਾਲ ਫ਼ਸਲ ਬਰਬਾਦ ਹੋਣ ਕਰਕੇ ਦੋ ਹੋਰ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

Farmer Suicide

ਪੰਜਾਬ ਵਿੱਚ ਕਿਸਾਨਾਂ ਦਾ ਹਾਲ ਦਿਨੋਂ ਦਿਨ ਮਾੜਾ ਹੁੰਦਾ ਜਾ ਰਿਹਾ। ਪੰਜਾਬ ਵਿੱਚ ਹਰ ਰੋਜ਼ ਇਕ ਨਵੇਂ ਮਾਮਲੇ ਦਾ ਖੁਲਾਸਾ ਹੁੰਦਾ ਰਹਿੰਦਾ ਹੈ। ਖ਼ਬਰ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਹੈ ਜਿੱਥੇ ਦੋ ਕਿਸਾਨਾਂ ਨੇ ਮੀਂਹ ਨਾਲ ਬਰਬਾਦ ਹੋਈ ਫ਼ਸਲ ਨੂੰ ਦੇਖ ਕੇ ਖ਼ੁਦਕੁਸ਼ੀ ਕਰ ਲਈ ਹੈ। ਦੋਵਾਂ ਕਿਸਾਨਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਮਿਰਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਸੁੱਖਣਵਾਲਾ ਦਾ ਰਹਿਣ ਵਾਲਾ ਸੀ ਅਤੇ ਕਿਸਾਨ ਜਸਵੀਰ ਸਿੰਘ ਪਿੰਡ ਸ਼ੇਰ ਸਿੰਘ ਵਾਲਾ ਦਾ ਰਹਿਣ ਵਾਲਾ ਸੀ। ਇਹਨਾਂ ਦੋਵੇ ਕਿਸਾਨਾਂ ਕੋਲ ਬਹੁਤ ਹੀ ਘੱਟ ਜ਼ਮੀਨ ਸੀ ਅਤੇ ਦੋਵੇ ਜ਼ਮੀਨ ਠੇਕੇ ਤੇ ਲੈ ਕੇ ਘਰ ਦਾ ਗੁਜ਼ਾਰਾ ਕਰ ਰਹੇ ਸਨ। ਇਹਨਾਂ ਕਿਸਾਨਾਂ ਕੋਲੇ ਸਿਰਫ਼ 1-1 ਏਕੜ ਜ਼ਮੀਨ ਸੀ।

ਇਹ ਵੀ ਪੜ੍ਹੋ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਨੂੰ ਲੈ ਕੇ ਸਰਕਾਰ ਵੱਲੋਂ ਅਲਰਟ ਜਾਰੀ

ਪਿਛਲੇ ਦਿਨਾਂ ਵਿੱਚ ਬਾਰਿਸ਼ ਜਿਆਦਾ ਹੋਣ ਕਰਕੇ ਉਹਨਾਂ ਦੇ ਖੇਤ ਪਾਣੀ ਵਿੱਚ ਡੁੱਬ ਗਏ ਸਨ। ਮਿਰਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਫ਼ਸਲਾਂ ਦੇ ਬਚਾਅ ਲਈ ਸਰਕਾਰ ਨੂੰ ਅਰਜ਼ ਵੀ ਕੀਤੀ ਸੀ ਪਰ ਪ੍ਰਸ਼ਾਸਨ ਵਲੋਂ ਕੋਈ ਵੀ ਸਹਾਇਤਾ ਨਹੀਂ ਮਿਲੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮਿਰਤਕ ਕਿਸਾਨ ਜਸਵੀਰ ਸਿੰਘ ਉੱਪਰ 8 ਲੱਖ ਰੁਪਏ ਕਰਜ਼ਾ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਦੀਆਂ ਸਮਸਿਆਵਾਂ ਨੂੰ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ। ਜੇਕਰ ਦਿਖਾਈ ਹੁੰਦੀ ਤਾਂ ਅੱਜ ਇਹ ਦੋਵੇ ਕਿਸਾਨ ਇਹ ਗ਼ਲਤ ਰਸਤਾ ਨਹੀਂ ਚੁਣਦੇ।